मंगलवार, 11 फ़रवरी 2014

ਟੱਪੇ

ਬਾਪੂ ਦੇ ਪਸੰਦ ਆ ਗਿਆ, ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ
ਜਿੱਥੋਂ ਮੇਰਾ ਮਾਹੀ ਲੰਘਦਾ, ਉੱਥੇ ਕਿੱਕਰਾਂ ਨੂੰ ਲੱਗਦੇ ਨੇ ਮੋਤੀ
ਅੱਖ ਪਟਵਾਰਣ ਦੀ, ਜਿਵੇਂ ਇੱਲ ਦੇ ਆਲਣੇ ਆਂਡਾ
ਸੁਰਮੇ ਦਾ ਕੀ ਪਾਓਣਾ, ਤੇਰੀ ਅੱਖ ਨੀ ਕਬੂਤਰ ਵਰਗੀ
ਓਦੋਂ ਕਿਓਂ ਨਾ ਆਇਆ ਮਿੱਤਰਾ, ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ
ਸਰੋਂ ਵਾਲੇ ਖੇਤ ਨੂੰ ਆਜੀ, ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸੱਪ ਦੀ ਨਾ ਤੋਰ ਤੁਰਿਏ, ਕੋਈ ਲੈਜੂਗਾ ਕੀਲ ਕੇ ਜੋਗੀ
ਅੱਖ ਮੇਰੇ ਯਾਰ ਦੀ ਦੁਖੇ, ਲਾਲੀ ਮੇਰੀਆਂ ਅੱਖਾਂ ਸੇ ਵਿੱਚ ਰੜਕੇ
ਸੜ ਗਈਆਂ ਲਾਲ ਬੁੱਲੀਆਂ, ਕਿਹੜੇ ਯਾਰ ਦਾ ਤੱਤਾ ਦੁੱਧ ਪੀਤਾ
ਯਾਰਾ ਤੇਰਾ ਘੁੱਟ ਭਰ ਲਾਂ, ਅੱਖੀਂ ਵੇਖ ਕੇ ਸਬਰ ਨਾ ਆਵੇ.
ਤ੍ਰਿਪ ਤ੍ਰਿਪ ਚੋਵੇ ਮੁੜਕਾ, ਕਿਹੜੇ ਯਾਰ ਦੀ ਬੁੱਕਲ ਤੋਂ ਆਈ
ਸੁਰਗਾਂ ਨੂੰ ਜਾਣ ਹੱਡੀਆਂ, ਜਿੰਦ ਮਾਹੀ ਦੇ ਮੰਜੇ ਉੱਤੇ ਨਿੱਕਲੇ
ਰੱਬ ਦਾ ਦੀਦਾਰ ਹੋ ਗਿਆ, ਰਾਤੀਂ ਯਾਰ ਨੇ ਗਲੇ ਦੇ ਨਾਲ ਲਾਈ
ਮਿੱਤਰਾਂ ਦੀ ਲੂਣ ਦੀ ਡਲੀ, ਤੂੰ ਮਿਸ਼ਰੀ ਕਰ ਕੇ ਜਾਣੀ
ਦੁਨਿਆ ਭਰਮ ਕਰੇ ਭੈੜੇ, ਦੰਦ ਹੱਸਣੋਂ ਨਾ ਰਹਿੰਦੇ ਮੇਰੇ
ਮੁਪਨੇ ਚ ਪੈਣ ਜੱਫੀਆਂ, ਅੱਖ ਖੁੱਲ ਗਈ ਨਜ਼ਾ ਨਾ ਆਇਆ.
ਤੇਰੇ ਸੰਧੂਰੀ ਰੰਗ ਦੇ, ਮੈਂਨੂੰ ਮੱਸਿਆ ਚ ਪੈਣ ਭੁਲੇਖੇ
ਭਰ ਭਰ ਵੰਡ ਮੁਠੀਆਂ, ਗੋਰੇ ਰੰਗ ਨੇ ਸਦਾ ਨਹੀਂ ਰਹਿਣਾ
ਅੱਖ ਨਾਲ ਗੱਲ ਕਰਦੀ, ਉਹਦੇ ਬੁੱਲ ਨਾ ਫੜਕਦੇ ਦਿਸਦੇ
ਘੁੰਡ ਵਿੱਚ ਕੈਦ ਕੀਤੀਆਂ, ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਗੱਲ ਤਾਂ ਤਵੀਤ ਬਣ ਕੇ, ਤੇਰੇ ਦਿਲ ਦੀ ਸਮਝ ਲਵਾਂ ਸਾਰੀ
ਦੁਨਿਆ ਲੱਖ ਵੱਸਦੀ, ਸਾਨੂੰ ਡਾਰ ਦੇ ਬਾਂਝ ਹਨੇਰਾ
ਗੱਡੀ ਵਿੱਚ ਮੈਂ ਰੋਵਾਂ, ਯਾਰ ਰੋਵੇ ਕਿੱਕਰਾਂ ਦੇ ਓਹਲੇ
ਯਾਰ ਬੀਮਾਰ ਹੋ ਗਿਆ, ਮੇਰਾ ਚਿੱਤ ਨਾ ਤੀਆਂ ਦੇ ਵਿੱਚ ਲੱਗਦਾ.
ਅੱਖੀਆਂ ਚ ਯਾਰ ਵਸਦਾ, ਮੈਂ ਡਰਦੀ ਸੁਰਮਾ ਨਾ ਪਾਵਾਂ
ਗੁੜ ਨਾਲੋਂ ਇਸ਼ਕ ਮਿੱਠਾ, ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ
ਲੱਗੀਆਂ ਤਰੰਜਣਾਂ ਦੀਆਂ, ਸੋਹਣਿਆ, ਮੈਨੂੰ ਡਾਦ ਮੰਡੀ ਵਿੱਚ ਆਈਆਂ
ਪੱਤਣਾਂ ਤੇ ਰੋਣ ਖੜੀਆਂ, ਕੱਚੀ ਟੁੱਟ ਗਈ ਜਿੰਨਾਂ ਦੀ ਯਾਰੀ
ਟੁੱਟ ਪੈਣੇ ਦਰਜੀ ਨੇ, ਰੱਖ ਲਈ ਝੁੱਗੇ ਦੀ ਤਾਕੀ
ਵਿਆਹ ਕਰਵਾਓਣਾ ਸੀ, ਮੈਂ ਤਾਂ ਲੱਕ ਪਤਲੇ ਤੋਂ ਡਰਗੀ
ਲੱਡੂ ਖਾ ਲੈ ਬਾਣਿਏ ਦੇ, ਗੱਨੇ ਚੂਪ ਲੈ ਜੱਟਾਂ ਦੇ ਪੋਲੇ
ਦੇਖੀਂ ਲਾਲਾ ਘੱਟ ਨਾ ਤੋਲੀਂ, ਲੱਡੂ ਤੇਰੀ ਓ ਕੁੜੀ ਨੇ ਖਾਣੇ
ਕੁੜਤੀ ਨੂੰ ਬਲ ਪੈ ਗਿਆ, ਕਿਹੜੇ ਯਾਰ ਦੀ ਬੁੱਕਲ ਵਿੱਚੋਂ ਨਿੱਕਲੀ
ਮੇਰੀ ਭਾਵੇਂ ਜਿੰਦ ਕੱਢ ਲੈ, ਮੇਰੇ ਯਾਰ ਨੂੰ ਮੰਦਾ ਨਾਂ ਬੋਲੀਂ
ਜਿੰਦਰਾ ਜੰਗਾਲ ਖਾ ਗਿਆ, ਕੁੰਜੀ ਲੈ ਗਿਆ ਦਿਲਾਂ ਦਾ ਜਾਨੀ